logo

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ-ਜੀ (2) ਨੇ ਜਿੱਤਿਆ ਇੰਟਰ ਫੈਕਲਟੀ ਰੱਸਾਕਸ਼ੀ ਮੁਕਾਬਲਾ

(ਕਲਪਨਾ ਚਾਵਲਾ ਹੋਸਟਲ ਦੀਆਂ ਮੁਟਿਆਰਾਂ ਨੇ ਗਰਲਜ਼ ਟਰਾਫੀ 'ਤੇ ਕੀਤਾ ਕਬਜ਼ਾ)
ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਸਪੋਰਟਸ ਵੱਲੋਂ ਫੈਕਲਟੀ ਮੈਂਬਰਾਂ, ਸਟਾਫ ਅਤੇ ਹੋਸਟਲ ਦੇ ਵਿਦਿਆਰਥੀਆਂ ਵਿੱਚ ਸਿਹਤ ਅਤੇ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰੋ.(ਡਾ.) ਐਸ.ਕੇ.ਬਾਵਾ ਉਪ ਕੁਲਪਤੀ ਦੀ ਪ੍ਰੇਰਨਾ ਸਦਕਾ ਇੰਟਰ ਫੈਕਲਟੀ ਲੜਕੇ-ਲੜਕੀਆਂ ਅਤੇ ਇੰਟਰ-ਹੋਸਟਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਯੂਨੀਵਰਸਿਟੀ ਦੀਆਂ 14 ਟੀਮਾਂ ਨੇ ਹਿੱਸਾ ਲਿਆ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਫੈਕਲਟੀ ਆਫ਼ ਐਗਰੀਕਲਚਰ ਜੀ-2 ਦੀ ਟੀਮ ਨੇ ਫੈਕਲਟੀ ਆਫ਼ ਐਗਰੀਕਲਚਰ-1 ਨੂੰ 2-1 ਦੇ ਫਰਕ ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕੀਤਾ। ਲੜਕੀਆਂ ਦਾ ਫਾਈਨਲ ਮੁਕਾਬਲਾ ਫੈਕਲਟੀ ਆਫ਼ ਫਾਰਮੈਸੀ+ਫੈਕਲਟੀ ਆਫ਼ ਪੈਰਾਮੈਡੀਕਲ+ ਫੈਕਲਟੀ ਆਫ਼ ਫਿਜ਼ੀਓਥੈਰੇਪੀ ਦੀ ਟੀਮ ਨੇ ਫੈਕਲਟੀ ਆਫ਼ ਐਗਰੀਕਲਚਰ ਦੀ ਟੀਮ ਨੂੰ 2-0 ਹਰਾ ਕੇ ਜਿੱਤਿਆ। ਕਲਪਨਾ ਚਾਵਲਾ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੇ ਇੰਟਰ ਨੈਸ਼ਨਲ ਹੋਸਟਲ ਦੀਆਂ ਖਿਡਾਰਣਾਂ ਨੂੰ ਹਰਾਇਆ। ਨੀਲਗਿਰੀ ਲੜਕਿਆਂ ਹੋਸਟਲ ਦੇ ਵਿਦਿਆਰਥੀਆਂ ਨੇ ਨੇੜਲੇ ਮੁਕਾਬਲੇ ਵਿੱਚ ਇੰਟਰ ਨੈਸ਼ਨਲ ਹੋਸਟਲ ਦੇ ਵਿਦਿਆਰਥੀਆਂ ਨੂੰ ਸ਼ਿਕਸਤ ਦਿੱਤੀ। ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆ ਡਾ. ਬਲਵਿੰਦਰ ਕੁਮਾਰ ਸ਼ਰਮਾ, ਨਿਰਦੇਸ਼ਕ ਖੇਡਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਫੈਕਲਟੀ ਮੈਂਬਰਾਂ ਅਤੇ ਨਾਨ ਟੀਚਿੰਗ ਸਟਾਫ ਦੇ 18 ਸਾਲ ਤੋਂ 65 ਸਾਲ ਤੱਕ ਦੇ ਸਟਾਫ ਨੇ ਹਿੱਸਾ ਲਿਆ। ਸੀਨੀਅਰ ਸਿਟੀਜ਼ਨ ਖਿਡਾਰੀਆਂ ਦਾ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਈ ਸਾਬਿਤ ਹੋਣ ਤੋਂ ਇਲਾਵਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਟੂਰਨਾਮੈਂਟ ਦਾ ਹਰ ਮੁਕਾਬਲਾ ਸੰਘਰਸ਼ਪੂਰਨ ਅਤੇ ਮੰਨੋਰੰਜਕ ਰਿਹਾ। ਵਿਸ਼ੇਸ਼ ਤੌਰ 'ਤੇ ਲੜਕੀਆਂ ਨੇ ਇਸ ਮੁਕਾਬਲੇ ਵਿੱਚ ਜੀ-ਜਾਨ ਨਾਲ ਜ਼ੋਰ ਅਜ਼ਮਾਇਸ਼ ਕੀਤੀ ਅਤੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ। ਆਯੋਜਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿੱਚ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਨੇ ਸਾਰਿਆਂ ਨੂੰ ਹਰ ਰੋਜ ਕੁਝ ਸਮਾਂ ਖੇਡ ਮੈਦਾਨ ਵਿੱਚ ਕਸਰਤ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਸਮੇਂ ਦੀ ਕਦਰ ਕਰਨਾ ਸਿਖਾਉਂਦੀਆਂ ਹਨ। ਇਸ ਮੌਕੇ ਸ. ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ, ਵੱਖ-ਵੱਖ ਫੈਕਲਟੀਆਂ ਦੇ ਡੀਨ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਮੁਕਾਬਲਿਆਂ ਦਾ ਆਨੰਦ ਮਾਣਿਆ।

1
508 views